
ਪੰਜਾਬ ਸਬੰਧੀ ਗੱਲਬਾਤ ਵਿੱਚੋਂ ਵਿਰੋਧੀਆਂ ਦਾ ਗਾਇਬ ਹੋਣਾ ਗਲਤ
ਜੇ ਮੈਦਾਨ ਹੀ ਛੱਡਾਂਗੇ ਤਾਂ ਫਿਰ ਮਨ ਆਈਆਂ ਤਾਂ ਹੋਣਗੀਆਂ ਹੀ
Other Content
(ਬਲਬੀਰ ਸਿੰਘ ਬੱਬੀ) ਪਿਛਲੇ ਕੋਈ ਪੰਦਰਾਂ ਵੀਹ ਦਿਨ ਤੋਂ ਪੰਜਾਬ ਵਿੱਚ ਇੱਕ ਰੌਲ਼ਾ ਸਰਕਾਰੀ ਤੇ ਗੈਰ ਸਰਕਾਰੀ ਤੌਰ ਉੱਤੇ ਪੈ ਰਿਹਾ ਸੀ ਕਿ ਬੀਤੇ ਸਮੇਂ ਵਿੱਚ ਪੰਜਾਬ ਦੇ ਮੁੱਦਿਆਂ ਉੱਤੇ ਇੱਕ ਵਿਸ਼ੇਸ਼ ਗੱਲਬਾਤ ਜਿਸ ਨੂੰ ਬਹਿਸ ਡੀਬੇਟ ਦਾ ਨਾਮ ਦਿੱਤਾ ਤੇ ਅਖੀਰ ਨੂੰ ਪੰਜਾਬ ਬੋਲਦਾ ਨਾਮ ਹੇਠ ਇਹ ਬਹਿਸ ਵਿਚਾਰ ਲੁਧਿਆਣਾ ਸ਼ਹਿਰ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਵਿੱਚ ਇੱਕ ਨਵੰਬਰ ਭਾਵ ਅੱਜ ਰੱਖੀ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਨਾਲ ਸਬੰਧਿਤ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੱਦਾ ਪੱਤਰ ਭੇਜ ਦਿੱਤੇ।
ਜੇ ਥੋੜ੍ਹਾ ਪਿੱਛੇ ਦੇਖੀਏ ਤਾਂ ਪੰਜਾਬ ਵਿੱਚ ਵਿਚਰਦੀਆਂ ਸਿਆਸੀ ਪਾਰਟੀਆਂ ਕਾਗਰਸ ਅਕਾਲੀ ਭਾਜਪਾ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਰ ਇਸ ਬਹਿਸ ਤੋਂ ਕਿਨਾਰਾ ਹੀ ਕਰ ਲਿਆ ਸੀ ਕਿ ਉਹ ਨਹੀਂ ਜਾਣਗੇ ਸ਼ਰਤਾਂ ਰੱਖ ਦਿੱਤੀਆਂ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਮੈਂ ਜਾਵਾਂਗਾ ਪਰ ਅੱਜ ਉਹ ਵੀ ਨਾ ਬਹੁੜੇ ਅਖੀਰ ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਕੋਈ ਨਾ ਆਇਆ ਤਾਂ ਆਪਣਾ ਭਾਸ਼ਨ ਸ਼ੁਰੂ ਕਰ ਵਿਰੋਧੀਆਂ ਨੂੰ ਰਗੜੇ ਲਾਏ ਤੇ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲੇ ਬਹਾਨੇ ਬਣਾ ਕੇ ਭੱਜ ਗਏ।ਉਨਾਂ ਆਪਣਾ ਭਾਸ਼ਨ ਐਸ.ਐਲ ਵਾਈ ਨਹਿਰ ਤੋਂ ਸ਼ੁਰੂ ਕੀਤਾ ਦੇ ਆਪਣੀਆਂ ਪ੍ਰਾਪਤੀਆਂ ਗਿਣਾਈਆਂ ਜੋ ਅਕਸਰ ਹੀ ਮੁੱਖ ਮੰਤਰੀ ਦੱਸਦੇ ਰਹਿੰਦੇ ਹਨ।
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਦੀਆਂ ਖਾਲੀ ਪਈਆਂ ਕੁਰਸੀਆਂ ਦੇ ਨਾਮ ਲੈ ਲੈ ਕਾਮੇਡੀ ਰੂਪ ਵਿੱਚ ਕਿਹਾ ਕਿ ਨਾ ਰਾਜਾ ਵੜਿੰਗ ਨਾ ਪ੍ਰਤਾਪ ਬਾਜਵਾ ਨਾ ਸੁਖਬੀਰ ਬਾਦਲ ਕੋਈ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਨਹੀਂ ਆਇਆ। ਖਾਲੀ ਪਈਆਂ ਕੁਰਸੀਆਂ ਇਕੱਲਾ ਮਜ਼ਾਕ ਹੀ ਨਹੀਂ ਹੋਰ ਵੀ ਬਹੁਤ ਸਵਾਲ ਛੱਡ ਰਹੀਆਂ ਸਨ। ਸੁਖਬੀਰ ਸਿੰਘ ਬਾਦਲ ਬਾਰੇ ਤਾਂ ਮੁੱਖ ਮੰਤਰੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਨੂੰ ਡੀਬੇਟ ਕਾਰਨ ਸੱਦਣਾਂ ਪਿਆ ਨਹੀਂ ਅਸੀਂ ਇਨਾਂ ਤੋਂ ਕੀ ਲੈਣਾ ਜਿਨਾਂ ਪੰਜਾਬ ਨੂੰ ਹੀ ਲੁੱਟ ਲਿਆ। ਬਾਦਲ ਦੇ ਬਾਲਾਸਰ ਫਾਰਮ ਨੂੰ ਜਾ ਰਹੀ ਨਹਿਰ ਦੇ ਕਾਗਜ਼ ਵੀ ਮੁੱਖ ਮੰਤਰੀ ਨੇ ਇੱਥੇ ਵਿਖਾਏ।
ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਵਿਰੋਧੀ ਧਿਰ ਦਾ ਕੰਮ ਸਰਕਾਰਾਂ ਨੂੰ ਘੇਰਨਾ ਹੁੰਦਾ ਹੈ ਪਰ ਹੈਰਾਨੀ ਕਿ ਅੱਜ ਦੀ ਬਹਿਸ ਵਿੱਚ ਪੰਜਾਬ ਸਰਕਾਰ ਨੂੰ ਘੇਰਨ ਵਾਲੀਆਂ ਵਿਰੋਧੀ ਧਿਰਾਂ ਨੇ ਤਾਂ ਇੱਥੇ ਜਾਣਾ ਹੀ ਮੁਨਾਸਿਬ ਨਾ ਸਮਝਿਆ ਘੇਰਨਾ ਤਾਂ ਦੂਰ ਦੀ ਗੱਲ ਹੈ ਫਿਰ ਜੇ ਮੈਦਾਨ ਖਾਲੀ ਛੱਡੋਗੇ ਤਾਂ ਅਗਲਾ ਮਨ ਆਈਆਂ ਤਾਂ ਕਰੇਗਾ ਹੀ।
ਲੋਕ ਹੋਏ ਪ੍ਰੇਸ਼ਾਨ ਨਹੀਂ ਜਾਣ ਦਿੱਤੇ ਗਏ ਅੰਦਰ
ਇਸ ਬਹਿਸ ਵਿੱਚ ਜਿਸਦਾ ਨਾਮ ਹੀ ਸਰਕਾਰ ਨੇ ਪੰਜਾਬ ਬੋਲਦਾ ਰੱਖਿਆ ਸੀ ਤੇ ਸਾਰੇ ਹੀ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਸੀ ਪਰ ਉਸ ਸਥਾਨ ਤੇ ਪੁਲੀਸ ਦਾ ਅਜਿਹਾ ਸਖ਼ਤ ਪਹਿਰਾ ਸੀ ਕਿ ਕਿਸੇ ਨੂੰ ਵੀ ਬਹਿਸ ਵਾਲੀ ਥਾਂ ਉਪਰ ਜਾਣ ਦੀ ਇਜ਼ਾਜ਼ਤ ਨਹੀ ਸੀ ਬਹੁਤ ਲੋਕ ਖਾਸ਼ ਕਰ ਕਿਸਾਨ ਆਗੂ ਪੁਲੀਸ ਨਾਲ ਬਹਿਸਦੇ ਨਜ਼ਰ ਆਏ। ਅੰਦਰ ਜਾਣ ਲਈ ਖਾਸ ਪਾਸ ਦੀ ਲੋੜ ਸੀ ਜੋ ਵਿਸ਼ੇਸ਼ ਵਿਅਕਤੀਆਂ ਨੂੰ ਹੀ ਦਿੱਤੇ ਗਏ। ਪਰ ਜਿਸ ਬਹਿਸ ਵਾਲੀ ਥਾਂ ਤੇ ਮੁੱਖ ਮੰਤਰੀ ਸੰਬੋਧਨ ਕਰ ਰਹੇ ਸਨ ਉਥੇ ਕਾਫ਼ੀ ਭੀੜ ਸੀ। ਬਹੁਤੇ ਮੀਡੀਆ ਨੂੰ ਵੀ ਅੰਦਰ ਜਾਣ ਦੀ ਇਜ਼ਾਜ਼ਤ ਨਹੀ ਸੀ। ਉਧਰ ਇਸੇ ਬਹਿਸ ਵਿੱਚ ਸ਼ਾਮਿਲ ਹੋਣ ਵਾਲੇ ਲੱਖਾਂ ਸਿਧਾਣਾ ਤੇ ਹੋਰ ਕਈਆਂ ਨੂੰ ਪੁਲੀਸ ਨੇ ਘਰਾਂ ਵਿੱਚ ਹੀ ਨਜ਼ਰਬੰਦ ਰੱਖਿਆ ਇਹ ਕਿਉ ?
ਮੁੱਕਦੀ ਗੱਲ ਇਹੀ ਹੈ ਕਿ ਕਈ ਦਿਨਾਂ ਤੋਂ ਪਰਚਾਰੀ ਜਾ ਰਹੀ ਬਹਿਸ ਵਿੱਚੋਂ ਸਿਆਸੀ ਪਾਰਟੀਆਂ ਦੇ ਗੈਰ ਹਾਜ਼ਰ ਹੋਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਦੀ ਰੈਲੀ ਹੀ ਹੋ ਨਿਬੜੀ। ਪ੍ਰੋਫੈਸਰ ਨਿਰਮਲ ਜੌੜਾ ਨੇ ਖੂਬਸੂਰਤ ਤਰੀਕੇ ਨਾਲ ਮੰਚ ਸੰਚਾਲਨ ਕੀਤਾ। ਲੁਧਿਆਣਾ ਦੇ ਸਾਰੇ ਵਿਧਾਇਕ ਆਪ ਵਲੰਟੀਅਰ ਵਰਕਰ ਹਾਜ਼ਰ ਸਨ।
ਪੰਜਾਬ ਸਰਕਾਰ ਨੇ ਬਹਿਸ ਦੇ ਨਾਮ ਤੇ ਡਰਾਮਾ ਕੀਤਾ - ਸੰਦੀਪ ਸਿੰਘ ਰੁਪਾਲੋਂ
ਇਸ ਬਹਿਸ ਨੂੰ ਦੇਖਣ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਦਿੱਤੇ ਸੱਦੇ ਕਾਰਨ ਅਨੇਕਾਂ ਲੋਕ ਇੱਥੇ ਪੁੱਜੇ ਪਰ ਅੰਦਰ ਜਾਣ ਦੀ ਕਿਸੇ ਨੂੰ ਇਜ਼ਾਜ਼ਤ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਸਨ।ਖੰਨਾ ਇਲਾਕੇ ਦੇ ਸਮਾਜ ਸੇਵੀ ਤੇ ਅਨੇਕਾਂ ਜੱਥੇਬੰਦੀਆਂ ਨਾਲ ਜੁੜੇ ਸ਼ੰਘਰਸ਼ੀਲ ਆਗੂ ਸੰਦੀਪ ਸਿੰਘ ਰੁਪਾਲੋਂ ਆਪਣੇ ਸਾਥੀਆਂ ਨਾਲ ਅੰਦਰ ਜਾਣ ਲੱਗੇ ਤਾਂ ਪੁਲੀਸ ਨੇ ਨਾ ਜਾਣ ਤੋਂ ਭੜਕੇ ਹੋਇਆ ਮੀਡੀਆ ਰਾਹੀਂ ਮੁੱਖ ਮੰਤਰੀ ਨੂੰ ਕੋਸਿਆ ਤੇ ਡਰਾਮੇਬਾਜ਼ ਦੱਸਿਆ।