
ਸੁਖਬੀਰ ਸਿੰਘ ਬਾਦਲ ਨੇ ਸਿੱਖ ਪੰਥ ਤੋਂ ਮੁਆਫੀ ਮੰਗੀ
ਪਿਛਲੇ ਸਮੇਂ ਪੰਜਾਬ ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਬੇਅਦਬੀਆਂ ਦੇ ਸਬੰਧ ਵਿੱਚ
Other Content
ਸ਼੍ਰੋਮਣੀ ਅਕਾਲੀ ਦਲ ਦਾ 103 ਸਾਲਾਂ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਪਿਛਲੇ ਤਿੰਨ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਵਿੱਚ ਅਖੰਡ ਪਾਠ ਪ੍ਰਕਾਸ਼ ਕਰਾਏ ਗਏ ਸਨ ਇਹ ਅਖੰਡ ਪਾਠ ਅਕਾਲੀ ਦਲ ਦੇ ਸ਼ਾਨਾਮਤੀ ਇਤਿਹਾਸ ਦੇ ਸਬੰਧ ਵਿੱਚ ਪ੍ਰਕਾਸ਼ ਕਰਾਏ ਗਏ ਤੇ ਜਿਨਾਂ ਦਾ ਅੱਜ ਭੋਗ ਪਾਇਆ ਗਿਆ। ਅੱਜ ਜਦੋਂ ਦਰਬਾਰ ਸਾਹਿਬ ਵਿੱਚ ਇਹਨਾਂ ਅਖੰਡ ਪਾਠਾਂ ਦਾ ਭੋਗ ਪਾਇਆ ਗਿਆ ਤਾਂ ਉਸ ਤੋਂ ਇਕਦਮ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨਾਂ ਦੀ ਪੰਜਾਬ ਵਿੱਚ ਸਰਕਾਰ ਵੇਲੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਸਬੰਧ ਵਿੱਚ ਸਮੁੱਚੇ ਸਿੱਖ ਪੰਥ ਤੋਂ ਮੁਆਫੀ ਮੰਗੀ ਹੈ। ਇਹ ਗੱਲਾਂ ਬਾਤਾਂ ਪਹਿਲਾਂ ਹੀ ਬਾਹਰ ਨਿਕਲ ਆਈਆਂ ਸਨ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅਕਾਲੀ ਦਲ ਦੇ ਸਬੰਧ ਵਿੱਚ ਜੋ ਪਾਠ ਕਰਾਇਆ ਹੈ ਉਸ ਦੀ ਸਮਾਪਤੀ ਮੌਕੇ ਸੁਖਬੀਰ ਬਾਦਲ ਮੁਆਫੀ ਮੰਗਣਗੇ ਤੇ ਉਹੀ ਗੱਲ ਸੱਚ ਸਾਬਤ ਹੋਈ। ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਸਾਡੀ ਸਰਕਾਰ ਸਮੇਂ ਸਾਥੋਂ ਜਾਣੇ ਅਣਜਾਣੇ ਵਿੱਚ ਜੋ ਗਲਤੀਆਂ ਹੋਈਆਂ ਹਨ ਮੈਂ ਉਹਨਾਂ ਦੀ ਸਮੁੱਚੇ ਸਿੱਖ ਪੰਥ ਤੋਂ ਮੁਆਫੀ ਮੰਗਦਾ ਹਾਂ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਬੇਅਦਬੀਆਂ ਦੇ ਸਬੰਧ ਵਿੱਚ ਮੇਰੇ ਪਿਤਾ ਜੀ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਬਹੁਤ ਦੁਖੀ ਸਨ ਤੇ ਉਹ ਮੇਰੇ ਨਾਲ ਆਪਣੇ ਅਖੀਰਲੇ ਸਮੇਂ ਤੱਕ ਬੇਅਦਬੀ ਦੇ ਸੰਬੰਧ ਵਿੱਚ ਗੱਲਾਂ ਬਾਤਾਂ ਕਰਦੇ ਰਹੇ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਸਾਡੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਤਾਂ ਅਨੇਕਾਂ ਲੋਕਾਂ ਨੇ ਰੱਜ ਕੇ ਸਿਆਸਤ ਕੀਤੀ ਪਰ ਹੁਣ ਤੱਕ ਪੰਜਾਬ ਦੇ ਅਨੇਕਾਂ ਥਾਵਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਹਨ ਤੇ ਹੁਣ ਤੱਕ ਕੋਈ ਕਿਉਂ ਨਹੀਂ ਬੋਲ ਰਿਹਾ। ਸੁਖਬੀਰ ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਪੰਜਾਬ ਵਿੱਚ ਸਰਕਾਰ ਬਣਾ ਕੇ ਉਹਨਾਂ ਦੋਸ਼ੀਆਂ ਨੂੰ ਸਖਤ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰਾਂਗੇ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਤੇ ਜਿਨਾਂ ਨੇ ਇਸ ਮੁੱਦੇ ਉੱਤੇ ਸਿਆਸਤ ਕੀਤੀ ਉਹਨਾਂ ਦੇ ਚਿਹਰੇ ਵੀ ਨੰਗੇ ਕਰਾਂਗੇ।
ਹੁਣ ਇੱਥੇ ਇਹ ਗੱਲ ਵਰਣਨ ਯੋਗ ਹੈ ਕਿ ਜਦੋਂ 2015 ਵਿੱਚ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤਾਂ ਉਸ ਵੇਲੇ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ। ਬੇਅਦਬੀਆਂ ਕਰਨ ਵਾਲਿਆਂ ਨੂੰ ਇਹਨਾਂ ਨੇ ਆਪਣੇ ਰਾਜ ਭਾਗ ਵਿੱਚ ਨਹੀਂ ਫੜਿਆ। ਬੇਸ਼ੱਕ ਪੁਲਿਸ ਤੇ ਹੋਰ ਕਾਰਵਾਈਆਂ ਦੀ ਪੈੜ ਡੇਰਾ ਸਿਰਸਾ ਵੱਲ ਨੂੰ ਜਾ ਰਹੀ ਸੀ ਤੇ ਇਹੀ ਬਾਦਲ ਦਲੀਆਂ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜਾਬ ਵਿੱਚ ਹਾਈ ਸਕਿਉਰਟੀ ਦੇ ਕੇ ਉਸ ਦੇ ਸਤਸੰਗ ਕਰਵਾਏ ਫਿਲਮਾਂ ਚਲਵਾਈਆਂ ਹੋਰ ਬਹੁਤ ਕੁਝ ਬਾਕੀ ਹੈ ਜਿਸ ਨੂੰ ਪੰਜਾਬ ਹੀ ਨਹੀਂ ਦੇਸ਼ ਵਿਦੇਸ਼ ਦੇ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਹਨ। ਇੱਥੇ ਇਹ ਵੀ ਵਿਚਾਰਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਸਿਆਸੀ ਗਲਿਆਰਿਆਂ ਵਿੱਚੋਂ ਖਤਮ ਹੋਏ ਅਕਾਲੀ ਦਲ ਬਾਦਲ ਨੇ ਮਾਫੀ ਮੰਗ ਕੇ ਲੋਕਾਂ ਦੀ ਹਮਦਰਦੀ ਲੈਣ ਦਾ ਯਤਨ ਵੀ ਕੀਤਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਮਾਫੀ ਮੰਗੀ ਹੈ ਉਸ ਨੂੰ ਪੰਜਾਬ ਪੰਜਾਬੀ ਤੇ ਪੰਥ ਪ੍ਰਵਾਨ ਕਰੇਗਾ ਵੀ ਜਾ ਨਹੀਂ।